ਪ੍ਰਾਪਤੀਆਂ

 ਕੇਂਦਰ ਦੀਆਂ ਪ੍ਰਾਪਤੀਆਂ

 

ਕੇਂਦਰ 27 ਜੁਲਾਈ, 2010 ਤੋਂ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਲਈ ਮਦਦਗਾਰ ਸਾਬਤ ਹੋ ਰਿਹਾ ਹੈ। ਕੇਂਦਰ ਦਾ ਮੁੱਖ ਮਨੋਰਥ ਪੰਜਾਬੀ ਵਿਚ ਕੰਪਿਊਟਰ ਅਤੇ ਐਂਡਰਾਇਡ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਕੇਂਦਰ ਨੇ ਹੁਣ ਤੱਕ ਹੇਠਾਂ ਦਰਜ ਅਨੁਸਾਰ ਕੰਮ ਕੀਤਾ ਹੈ:

ਵਰਕਸ਼ਾਪਾਂ

ਕੇਂਦਰ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਤੇ ਆਮ ਵਰਤੋਂਕਾਰਾਂ ਨੂੰ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸਿਖਲਾਈ ਦੇਣ ਲਈ ਹੁਣ ਤੱਕ 32 ਵਰਕਸ਼ਾਪਾਂ ਦਾ ਆਯੋਜਨ ਕਰ ਚੁੱਕਾ ਹੈ। ਇਨ੍ਹਾਂ ਵਰਕਸ਼ਾਪਾਂ ਦਾ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋਇਆ ਹੈ।

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ

ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵਿਗਿਆਪਿਤ ਡਾਟਾ ਐਂਟਰੀ ਅਤੇ ਕਲੈਰੀਕਲ ਸਟਾਫ਼ ਦੀਆਂ ਅਸਾਮੀਆਂ ਦੀ ਮੁੱਢਲੀ ਤਕਨੀਕੀ ਯੋਗਤਾ ਦੀ ਪੂਰਤੀ ਲਈ ਕੇਂਦਰ ਵੱਲੋਂ 120 ਘੰਟਿਆਂ ਦਾ “ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ” ਸ਼ੁਰੂ ਕੀਤਾ ਗਿਆ ਹੈ। ਇਹ ਕਿੱਤਾਕਾਰੀ ਕੋਰਸ ਹੈ ਤੇ ਇਸ ਨੂੰ ਪੂਰਾ ਕਰਕੇ ਵਿਦਿਆਰਥੀ ਸਵੈ-ਰੁਜ਼ਗਾਰ ਦਾ ਰਸਤਾ ਵੀ ਚੁਣ ਸਕਦਾ ਹੈ। ਇਸ ਦੇ ਤਿੰਨ ਬੈਚਾਂ ਵਿਚ 55 ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾ ਚੁਕਾ ਹੈ।

ਯੂਨੀਕੋਡ ਜਾਗਰੁਕਤਾ ਮੁਹਿੰਮ

ਪੰਜਾਬੀ ਦੇ ਰਵਾਇਤੀ ਫੌਂਟਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਵੱਲੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ/ਬਰਾਂਚਾਂ ਆਦਿ ਵਿਚ ਕੰਮ ਕਰਦੇ ਕਲੈਰੀਕਲ ਸਟਾਫ਼ ਅਤੇ ਖੋਜ-ਵਿਦਿਆਰਥੀਆਂ ਲਈ ਤਿੰਨ ਵੱਡੇ ਪੱਧਰ ਦੀਆਂ ਜਾਗਰੁਕਤਾ ਵਰਕਸ਼ਾਪਾਂ ਲਗਾਈਆਂ ਜਾ ਚੁੱਕੀਆਂ ਹਨ।

ਕਰੈਸ਼ ਕੋਰਸ ਅਤੇ ਰਿਫਰੈਸ਼ਰ ਕੋਰਸ

ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਇਸ ਵਰ੍ਹੇ ਤੋਂ 3-3 ਦਿਨਾਂ ਦੇ ਕਰੈਸ਼ ਕੋਰਸ ਅਤੇ ਰਿਫਰੈਸ਼ਰ ਕੋਰਸ ਕਰਵਾਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਚੁੱਕਾ ਹੈ। ਕਰੈਸ਼ ਕੋਰਸਾਂ ਵਿਚ ਯੂਨੀਕੋਡ ਸਿਸਟਮ, ਟਾਈਪ ਸੈਟਿੰਗ, ਪੰਜਾਬੀ ਵਰਡ ਪ੍ਰੋਸੈੱਸਰ (ਅੱਖਰ-2016), ਸਮਾਰਟ ਫ਼ੋਨ ਦੀ ਖ਼ਰੀਦ ਅਤੇ ਵਰਤੋਂ ਸਮੇਂ ਸਾਵਧਾਨੀਆਂ, ਨੈੱਟ ਬੈਂਕਿੰਗ, ਆਡੀਓ-ਵੀਡੀਓ ਐਡਿਟਿੰਗ, ਆਨ-ਲਾਈਨ ਅਧਿਆਪਨ ਆਦਿ ਵਿਸ਼ਿਆਂ ‘ਤੇ ਸਿਖਲਾਈ ਲਈ ਲਗਾਤਾਰ ਲੜੀਵਾਰ ਵਰਕਸ਼ਾਪਾਂ ਜਾਰੀ ਹਨ।

ਸਾਹਿਤਕ ਲਿਖਤਾਂ ਵਿਚੋਂ ਚੋਰੀ ਪਕੜਨ ਵਾਲੇ ਸਾਫ਼ਟਵੇਅਰ ਬਾਰੇ ਜਾਗਰੁਕਤਾ

ਕੇਂਦਰ ਯੂਨੀਵਰਸਿਟੀ ਦੀ ਰਿਸਰਚ ਬਰਾਂਚ ਦੇ ਸਹਿਯੋਗ ਨਾਲ ਖੋਜ-ਵਿਦਿਆਰਥੀਆਂ ਨੂੰ ਮਿਆਰੀ ਫੌਂਟਾਂ ਵਿਚ ਕੰਮ ਕਰਨ ਅਤੇ ਸਾਹਿਤਕ ਲਿਖਤਾਂ ਵਿਚੋਂ ਚੋਰੀ ਪਕੜਨ ਵਾਲੇ ਸਾਫ਼ਟਵੇਅਰ ਬਾਰੇ ਸਿਖਲਾਈ ਦੇਣ ਲਈ ਦੋ ਵਰਕਸ਼ਾਪਾਂ ਦਾ ਆਯੋਜਨ ਕਰ ਚੁੱਕਾ ਹੈ।

ਸਾਫ਼ਟਵੇਅਰਾਂ ਦੀ ਤਿਆਰੀ

ਹਾਲਾਂਕਿ, ਸਾਫ਼ਟਵੇਅਰ ਤਿਆਰ ਕਰਨੇ ਕੇਂਦਰ ਦਾ ਮੁੱਖ ਮਨੋਰਥ ਨਹੀਂ ਪਰ ਮੁੱਢਲੇ ਸਰੋਤਾਂ ਨਾਲ ਸਬੰਧਿਤ ਸਾਫ਼ਟਵੇਅਰ ਅਤੇ ਮੋਬਾਈਲ ਐਪਜ਼ ਦੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਨੇ ਯੂਨੀਵਰਸਿਟੀ ਦੇ ਅੰਗਰੇਜ਼ੀ-ਪੰਜਾਬੀ ਕੋਸ਼ ਦਾ ਡੈਸਕਟਾਪ, ਆਨ-ਲਾਈਨ ਅਤੇ ਐਂਡਰਾਇਡ ਸੰਸਕਰਨ ਤਿਆਰ ਕਰਕੇ ਮੋਹਰੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਪੰਜਾਬੀ ਸਾਫ਼ਟਵੇਅਰ ਵਿਕਾਸਕਾਰਾਂ ਦੇ ਕੁੱਝ ਚੋਣਵੇਂ ਸਾਫ਼ਟਵੇਅਰਾਂ ਨੂੰ ਇਕ ਸੀਡੀ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸਾਫ਼ਟਵੇਅਰਾਂ ਅਤੇ ਕੋਸ਼ ਦੇ ਡੈਸਕਟਾਪ ਸੰਸਕਰਨ ਦੀਆਂ ਸੀਡੀਜ਼ ਯੂਨੀਵਰਸਿਟੀ ਦੇ ਕਿਤਾਬ ਘਰ ਵਿਖੇ ਉਪਲਬਧ ਹਨ।

ਪੰਜਾਬੀ ਕੰਪਿਊਟਰ ਬਾਰੇ ਰੰਗਦਾਰ ਪੋਸਟਰ

ਕੰਪਿਊਟਰ ਉੱਤੇ ਪੰਜਾਬੀ ਦੀ ਵਰਤੋਂ ਕਰਨ ਵਾਲੇ ਆਮ ਵਰਤੋਂਕਾਰਾਂ ਨੂੰ ਘਰ ਬੈਠਿਆਂ ਜਾਣਕਾਰੀ ਦੇਣ ਲਈ ਕੇਂਦਰ ਵੱਲੋਂ 6 ਰੰਗਦਾਰ ਪੋਸਟਰ ਬਣਾਏ ਗਏ ਹਨ। ਇਹ ਪੋਸਟਰ ਕੰਪਿਊਟਰ ਬਾਰੇ ਜਾਣ-ਪਛਾਣ, ਪੰਜਾਬੀ ਫੌਂਟਾਂ ਦੇ ਨਮੂਨੇ, ਪੰਜਾਬੀ ਫੌਂਟਾਂ ਦੀਆਂ ਸਮੱਸਿਆਵਾਂ ਤੇ ਹੱਲ, ਪੰਜਾਬੀ ਕੀ-ਬੋਰਡ ਲੇਆਊਟ, ਯੂਨੀਕੋਡ ਪ੍ਰਣਾਲੀ ਅਤੇ ਪੰਜਾਬੀ ਦੇ ਕੰਪਿਊਟਰੀ ਸਰੋਤਾਂ ਆਦਿ ਵਿਸ਼ਿਆਂ ਨਾਲ ਸਬੰਧਿਤ ਹਨ ਜੋ ਕਿ ਯੂਨੀਵਰਸਿਟੀ ਦੇ ਕਿਤਾਬ ਘਰ ਤੋਂ ਮਿਲ ਜਾਂਦੇ ਹਨ।

ਫ਼ੋਨ ਹੈਲਪ ਲਾਈਨ ਅਤੇ ਹੋਰ ਸੁਵਿਧਾਵਾਂ

ਪੰਜਾਬੀ ਵਰਤੋਂਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਫ਼ੋਨ ਹੈਲਪ ਲਾਈਨ ਚੱਲ ਰਹੀ ਹੈ ਜਿਸ ਤੇ ਕੋਈ ਵੀ ਵਰਤੋਂਕਾਰ ਕੰਮ ਵਾਲੇ ਦਿਨ ਫ਼ੋਨ ਕਰਕੇ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ। ਰੋਜ਼ਾਨਾ ਕਈ ਵਿਦਿਆਰਥੀ, ਕਰਮਚਾਰੀ ਤੇ ਯੂਨੀਵਰਸਿਟੀ ਤੋਂ ਬਾਹਰਲੇ ਵਰਤੋਂਕਾਰ ਕੇਂਦਰ ਵਿਖੇ ਆ ਕੇ ਆਪਣੀਆਂ ਸਮੱਸਿਆਵਾਂ ਹੱਲ ਕਰਵਾਉਂਦੇ ਹਨ। ਪੰਜਾਬੀ ਵਰਤੋਂਕਾਰਾਂ ਦੁਆਰਾ ਕੇਂਦਰ ਦੇ ਬਲੌਗ, ਈ-ਮੇਲ, ਫੇਸਬੁਕ, ਵਟਸ ਐਪ, ਮੋਬਾਈਲ ਫ਼ੋਨ ਉੱਤੇ ਭੇਜੇ ਸਵਾਲਾਂ ਦੇ ਜਵਾਬ ਦੇਣਾ ਕੇਂਦਰ ਦੀ ਪ੍ਰਮੁੱਖ ਸਰਗਰਮੀ ਹੈ।

ਸਹਾਇਤਾ ਵੈੱਬਸਾਈਟ

ਕੇਂਦਰ ਦੀ ਆਪਣੀ ਵੈੱਬਸਾਈਟ ਹੈ ਜਿਸ ਉੱਤੇ ਸਵਾਲ ਪੁੱਛਣ, ਵੱਖ-ਵੱਖ ਪੰਜਾਬੀ ਸਾਫ਼ਟਵੇਅਰਾਂ ਨੂੰ ਡਾਊਨਲੋਡ ਕਰਨ ਤੇ ਉਨ੍ਹਾਂ ਦੇ ਸਿੱਧੇ ਵੈੱਬ ਲਿੰਕਾਂ ਤੱਕ ਪੁੱਜਣ ਦੀ ਵਿਵਸਥਾ ਹੈ। ਵੈੱਬਸਾਈਟ ਉੱਤੇ ਆਮ ਪੁੱਛੇ ਜਾਣ ਵਾਲੇ ਸਵਾਲ ਉਨ੍ਹਾਂ ਦੇ ਜਵਾਬਾਂ ਸਮੇਤ ਪ੍ਰਕਾਸ਼ਿਤ ਹਨ। ਚਿੱਠੀਆਂ/ਸਰਕੁਲਰਾਂ, ਸਿਖਲਾਈ ਪ੍ਰੋਗਰਾਮਾਂ ਦੀਆਂ ਤਾਰੀਖ਼ਾਂ, ਫ਼ੋਟੋਆਂ, ਵੀਡੀਓ, ਪ੍ਰੈੱਸ ਆਦਿ ਦੀ ਗੈਲਰੀ ਵੈੱਬਸਾਈਟ ਦੀਆਂ ਮੁੱਖ ਕੜੀਆਂ ਹਨ। ਵੱਖ-ਵੱਖ ਕੋਰਸਾਂ, ਵਰਕਸ਼ਾਪਾਂ ਆਦਿ ਵਿਚ ਦਾਖਲੇ ਲਈ ਬਿਨੈ-ਪੱਤਰ ਦੇ ਪ੍ਰੋਫਾਰਮੇ ਵੈੱਬਸਾਈਟ ਉੱਤੇ ਉਪਲਬਧ ਹਨ।

ਪੰਜਾਬੀ ਕੰਪਿਊਟਰ ਗਿਆਨ ਵੀਡੀਓ ਪ੍ਰੋਜੈਕਟ

ਕੇਂਦਰ ਪੰਜਾਬੀ ਵਿਚ ਕੰਪਿਊਟਰ ਦੀਆਂ ਬਾਰੀਕੀਆਂ ਨੂੰ ਵੀਡੀਓ ਪਾਠਾਂ ਰਾਹੀਂ ਸਮਝਾਉਣ ਦਾ ਉਪਰਾਲਾ ਕਰ ਰਿਹਾ ਹੈ। ਇਸ ਮੰਤਵ ਲਈ ਹੁਣ ਤੱਕ ਇੱਕ ਦਰਜਨ ਤੋਂ ਵੱਧ ਵੀਡੀਓ ਤਿਆਰ ਹੋ ਚੁਕੀਆਂ ਹਨ ਜਿਨ੍ਹਾਂ ਨੂੰ ਯੂ-ਟਿਊਬ ਰਾਹੀਂ ਕੇਂਦਰ ਦੀ ਵੈੱਬਸਾਈਟ 'ਤੇ ਪਾਇਆ ਗਿਆ ਹੈ।

ਮੀਡੀਆ ਰਾਹੀਂ ਜਾਗਰੁਕਤਾ

ਕੇਂਦਰ ਵੱਲੋਂ ਪੰਜਾਬੀ ਪਿਆਰਿਆਂ ਨੂੰ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ, ਰੇਡੀਓ, ਟੀਵੀ ਅਤੇ ਇੰਟਰਨੈੱਟ ਰਾਹੀਂ ਲੇਖ, ਕਾਲਮ ਤੇ ਆਡੀਓ-ਵੀਡੀਓ ਪ੍ਰੋਗਰਾਮਾਂ ਰਾਹੀਂ ਪੰਜਾਬੀ ਕੰਪਿਊਟਰ ਬਾਰੇ ਜਾਗਰੁਕ ਕੀਤਾ ਜਾਂਦਾ ਹੈ।

  ਮੁੱਖ ਪੰਨੇ 'ਤੇ ਜਾਓ ...
© Copyright 2014 All Rights Reserved. Website Designed by Gurpreet Singh (Punjabi Pedia Center)