ਇੰਟਰਨੈੱਟ ਉੱਤੇ ਲਿਖੋ ਪੰਜਾਬੀ ਵਿਚ

 

     ਇੱਕ ਆਮ ਵਰਤੋਂਕਾਰ ਨੂੰ ਇੰਟਰਨੈੱਟ ‘ਤੇ ਭਾਰਤੀ ਭਾਸ਼ਾਵਾਂ ਅਤੇ ਦੁਨੀਆ ਦੀਆਂ ਹੋਰਨਾਂ ਖੇਤਰੀ ਭਾਸ਼ਾਵਾਂ ਵਿਚ ਲਿਖਣ ਸਮੇਂ ਸਮੱਸਿਆ ਪੇਸ਼ ਆਉਂਦੀ ਹੈ। ਇਸ ਸਮੱਸਿਆ ਦਾ ਹੱਲ ਭਾਵੇਂ ਯੂਨੀਕੋਡ ਪ੍ਰਣਾਲੀ ਦੇ ਰੂਪ ਵਿਚ ਕੱਢਿਆ ਜਾ ਚੁੱਕਾ ਹੈ।

     ਅੱਜ ਅਸੀਂ ਇੰਟਰਨੈੱਟ ਉੱਤੇ ਯੂਨੀਕੋਡ ਰਾਹੀਂ ਟਾਈਪ ਕਰਨ ਲਈ ਲੋੜੀਂਦੇ ਪ੍ਰੋਗਰਾਮ ਨੂੰ ਡਾਊਨਲੋਡ ਕਰਨ ਅਤੇ ਵਰਤਣ ਦੀ ਤਰੀਕੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਮੁੱਚੀ ਜਾਣਕਾਰੀ ਨੂੰ ਅਸੀਂ ਤਿੰਨ ਪੜ੍ਹਾਵਾਂ ਵਿਚ ਵੰਡ ਲੈਂਦੇ ਹਾਂ। ਪਹਿਲੇ ਪੜਾਅ ਵਿਚ ਅਸੀਂ ਇੰਟਰਨੈੱਟ ਤੋਂ ਲੋੜੀਂਦਾ ਪ੍ਰੋਗਰਾਮ ਡਾਊਨਲੋਡ ਕਰਨ ਦਾ ਤਰੀਕਾ ਸਿੱਖਾਂਗੇ। ਦੂਸਰੇ ਪੜਾਅ ‘ਤੇ ਉਸ ਨੂੰ ਕੰਪਿਊਟਰ ਵਿਚ ਇੰਸਟਾਲ ਕਰਨ ਦਾ ਤਰੀਕਾ ਸਿੱਖਾਂਗੇ ‘ਤੇ ਆਖੀਰ ‘ਚ ਇਸ ਪ੍ਰੋਗਰਾਮ ਨੂੰ ਵਰਤ ਕੇ ਯੂਨੀਕੋਡ (ਰਾਵੀ ਫੌਂਟ) ਵਿਚ ਟਾਈਪ ਕਰਨਾ ਜਾਣਾਂਗੇ।

     ਯੂਨੀਕੋਡ ਵਿਚ ਲਿਖਣ ਲਈ ਇੱਕ ‘ਕੀ-ਬੋਰਡ ਡਰਾਈਵਰ’ ਨਾਂ ਦੇ ਪ੍ਰੋਗਰਾਮ ਦੀ ਜ਼ਰੂਰਤ ਪੈਂਦੀ ਹੈ। ਇਸ ਪ੍ਰੋਗਰਾਮ ਨੂੰ ਮੁੱਖ ਰੂਪ ਵਿਚ ਦੋ ਸ਼੍ਰੇਣੀਆਂ ਫੋਨੈਟਿਕ (ਅਨਮੋਲ ਲਿਪੀ) ਆਧਾਰਿਤ ਅਤੇ ਰਮਿੰਗਟਨ (ਅਸੀਸ) ਆਧਾਰਿਤ ਵਿਚ ਵੰਡਿਆ ਜਾਂਦਾ ਹੈ। ਜੇਕਰ ਤੁਸੀਂ ਅਨਮੋਲ ਲਿਪੀ, ਅੰਮ੍ਰਿਤ ਲਿਪੀ, ਧਨੀ ਰਾਮ ਚਾਤ੍ਰਿਕ, ਗੁਰਬਾਣੀ ਲਿਪੀ ਆਦਿ ਫੌਂਟ ਵਿਚ ਟਾਈਪ ਕਰਨਾ ਜਾਣਦੇ ਹੋ ਤਾਂ ਤੁਹਾਨੂੰ ‘ਯੂਨੀਕੋਡ ਆਧਾਰਿਤ ਫੋਨੈਟਿਕ ਕੀ-ਬੋਰਡ ਡਾਊਨਲੋਡ ਕਰਨਾ ਪਵੇਗਾ। ਇਸੇ ਤਰ੍ਹਾਂ ਜੇਕਰ ਤੁਸੀਂ ਅਸੀਸ, ਜੁਆਏ, ਸਤਲੁਜ, ਪ੍ਰਾਈਮ-ਜਾ/ਗਾ ਆਦਿ ਵਿਚੋਂ ਕਿਸੇ ਫੌਂਟ ਵਿਚ ਕੰਮ ਕਰਨਾ ਜਾਣਦੇ ਹੋ ਤਾਂ ਤੁਹਾਨੂੰ ਯੂਨੀਕੋਡ ਆਧਾਰਿਤ‘ਰਮਿੰਗਟਨ ਕੀ-ਬੋਰਡ ਡਾਊਨਲੋਡ ਕਰਨ ਦੀ ਜ਼ਰੂਰਤ ਪਵੇਗੀ। ਇਨ੍ਹਾਂ ਦੋਨਾਂ ਵਿਚੋਂ ਕਿਸੇ ਕੀ-ਬੋਰਡ ਪ੍ਰੋਗਰਾਮ ਨੂੰ ਡਾਊਨਲੋਡ ਕਰਨ ਲਈ ਇਸ ਵੈੱਬਸਾਈਟ (punjabicomputer.com) ਦੇ "ਡਾਊਨਲੋਡ" ਵਾਲੇ ਪੰਨੇ 'ਤੇ ਜਾਓ। ਇੱਥੋਂ "ਪੰਜਾਬੀ ਕੀ-ਬੋਰਡ" ਉੱਤੇ ਕਲਿੱਕ ਕਰੋ ਡਾਊਨਲੋਡ ਵਾਲੀ ਫੋਟੋ/ਲਿੰਕ 'ਤੇ ਕਲਿੱਕ ਕਰਦਿਆਂ ਹੀ ਇਹ ਡਾਊਨਲੋਡ ਹੋਣਾ ਸ਼ੁਰੂ ਹੋ ਜਾਵੇਗਾਇਹ ਕੀਬੋਰਡ ਤੁਸੀਂ ਕੁਲਬੀਰ ਸਿੰਘ ਥਿੰਦ ਦੀ ਵੈੱਬਸਾਈਟ gurbanifiles.org ਤੋਂ ਸਿੱਥੇ ਵੀ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਤੁਸੀਂ ਇਸ ਨੂੰ ਆਪਣੇ ਕੰਪਿਊਟਰ ਦੇ ਡਾਊਨਲੋਡ ਵਾਲੇ ਫੋਲਡਰ ਵਿਚੋਂ ਲੱਭ ਸਕਦੇ ਹੋ। ਇਹ ਪ੍ਰੋਗਰਾਮ ਇੱਕ ਜਿੱਪ ਕੀਤੀ ਹੋਈ ਫਾਈਲ ਦੇ ਰੂਪ ਵਿਚ ਉਪਲਬਧ ਹੋਵੇਗਾ। ਇਸ‘ਤੇ ਡਬਲ ਕਲਿੱਕ ਕਰਕੇ ਅਨ-ਜਿੱਪ ਕਰ ਲਓ। ਹੁਣ ਇਸ ਨੂੰ ਖੋਲ੍ਹ ਕੇ‘ਸੈੱਟਅਪ ਡਾਟ ਈ.ਐਕਸ.ਈ.’ ਫਾਈਲ ‘ਤੇ ਡਬਲ ਕਲਿੱਕ ਕਰਕੇ ਇੰਸਟਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਓ। ਕੰਪਿਊਟਰ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਾਫ਼ਟਵੇਅਰ ਇੰਸਟਾਲ ਕਰਨ ਦੀ ਪ੍ਰਵਾਨਗੀ ਲਵੇਗਾ। ਇੱਥੇ ਯੇਸ (Yes) ‘ਤੇ ਕਲਿੱਕ ਕਰ ਦਿਓ। ਅੱਗੇ ‘ਇੰਸਟਾਲੇਸ਼ਨ ਕੰਪਲੀਟ’ ਦਾ ਸੰਦੇਸ਼ ਦਿੰਦਾ ਇੱਕ ਨਵਾਂ ਬਕਸਾ ਖੁੱਲ੍ਹੇਗਾ। ਇੱਥੇ ‘ਕਲੋਜ਼’ ‘ਤੇ ਕਲਿੱਕ ਕਰ ਦਿਓ। ਅਜਿਹਾ ਕਰਨ ਉਪਰੰਤ ਕੰਪਿਊਟਰ ਦੀ ਸਕਰੀਨ (ਡੈਸਕਟਾਪ) ਦੇ ਹੇਠਾਂ ਸੱਜੇ ਹੱਥ ਸਪੀਕਰ ਦੇ ਆਈਕਾਨ ਦੇ ਨਾਲ EN (ਅੰਗਰੇਜ਼ੀ) ਲਿਖਿਆ ਨਜ਼ਰ ਆਵੇਗਾ। ਇਸ ਹਿੱਸੇ ਨੂੰ ਭਾਸ਼ਾ ਪੱਟੀ (ਲੈਂਗੂਏਜ ਬਾਰ) ਕਿਹਾ ਜਾਂਦਾ ਹੈ। ਜੇਕਰ ਭਾਸ਼ਾ ਪੱਟੀ ਨਜ਼ਰ ਆ ਜਾਂਦੀ ਹੈ ਤਾਂ ਸਮਝੋ ਤੁਹਾਡਾ ਯੂਨੀਕੋਡ ਕੀ-ਬੋਰਡ ਸਫਲਤਾਪੂਰਵਕ ਇੰਸਟਾਲ ਹੋ ਗਿਆ ਹੈ। ਕੀ-ਬੋਰਡ ਨੂੰ ਇੰਸਟਾਲ ਕਰਨ ਤੋਂ ਬਾਅਦ ਅਗਲੇ ਪੜਾਅ ‘ਤੇ ਅਸੀਂ ਇਸ ਨੂੰ ਵਰਤਣ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ।

ਇੰਟਰਨੈੱਟ 'ਤੇ ਜਿੱਥੇ ਵੀ ਤੁਸੀਂ ਪੰਜਾਬੀ ਵਿਚ ਟਾਈਪ ਕਰਨਾ ਚਾਹੁੰਦੇ ਹੋ, ਉਸ ਨੂੰ ਖੋਲ੍ਹ ਲਵੋ। ਮਿਸਾਲ ਵਜੋਂ ਜੇ ਈ-ਮੇਲ ਕਰਨਾ ਚਾਹੁੰਦੇ ਹੋ ਤਾਂ ਈ-ਮੇਲ ਵਾਲਾ ਪੰਨਾ ਖੋਲ੍ਹੋ। ਪੰਜਾਬੀ ਟਾਈਪ ਕਰਨ ਲਈ ਭਾਸ਼ਾ ਪੱਟੀ ਤੋਂ (EN 'ਤੇ ਕਲਿੱਕ ਕਰਕੇ) PA ਅਰਥਾਤ ਪੰਜਾਬੀ ਦੀ ਚੋਣ ਕਰੋ। ਇੱਥੇ ਭਾਸ਼ਾ ਬਦਲਣ ਲਈ ਕੀ-ਬੋਰਡ ਸ਼ਾਰਟਕੱਟ ਅਲਟ ਅਤੇ ਸ਼ਿਫਟ (Alt+Shift) ਦੀ ਇਕੱਠੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

     ਕੀ-ਬੋਰਡ/ਭਾਸ਼ਾ ਬਦਲਣ ਉਪਰੰਤ ਟਾਈਪ ਕਰਨ ਦਾ ਤਰੀਕਾ ਬਹੁਤ ਸੌਖਾ ਹੈ। ਜੇਕਰ ਤੁਸੀਂ ਫੋਨੈਟਿਕ ਕੀ-ਬੋਰਡ (ਅਨਮੋਲ ਲਿਪੀ) ਡਾਊਨਲੋਡ ਕੀਤਾ ਹੈ ਤਾਂ ਪੰਜਾਬੀ ਯੂਨੀਕੋਡ (ਰਾਵੀ) ਦੇ ਅੱਖਰ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ ‘ਤੇ ਪੈਣਗੇ। ਯੂਨੀਕੋਡ ਟਾਈਪਿੰਗ ਵਿਚ ਦੋ ਗੱਲਾਂ ਦਾ ਉਚੇਚਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪਹਿਲੀ ਇਹ ਕਿ ਟਾਈਪ ਕਰਦਿਆਂ ਸਿਹਾਰੀ (ਿ ਦੀ ਵਰਤੋਂ ਅੱਖਰ ਤੋਂ ਬਾਅਦ ਵਿਚ ਕੀਤੀ ਜਾਵੇ। ਜਿਵੇਂ ਕਿ ਸ਼ਬਦ ‘ਸਿਹਤ’ ਪਾਉਣ ਲਈ ਪਹਿਲਾਂ ‘ਸ’ ਅਤੇ ਫਿਰ ‘ਿ’ ਦੀ ਵਰਤੋਂ ਕੀਤੀ ਜਾਵੇ। ਤੁਸੀਂ ਦੇਖੋਗੇ ਕਿ ਸਿਹਾਰੀ ਟਾਈਪ ਕਰਨ ‘ਤੇ ਇਹ ਆਪਣੇ ਆਪ ‘ਸ’ ਤੋਂ ਪਹਿਲਾਂ (ਸਿ) ਸ਼ਿਫ਼ਟ ਹੋ ਜਾਵੇਗੀ। ਦੂਸਰਾ ਇਹ ਕਿ ਟਾਈਪ ਕਰਨ ਉਪਰੰਤ ੳ, ਅ ਅਤੇ ੲ ਉਦੋਂ ਤੱਕ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਸਪੇਸ ਬਾਰ ਜਾਂ ਅਗਲੇ ਅੱਖਰ ਦਾ ਬਟਨ ਨਾ ਦੱਬਿਆ ਜਾਵੇ। ਮਿਸਾਲ ਵਜੋਂ ਅਨਮੋਲ ਲਿਪੀ ਯੂਨੀਕੋਡ ਟਾਈਪਿੰਗ ਵਿਚ ਸ਼ਬਦ ‘ਅ’ ਪਾਉਣ ਉਪਰੰਤ ਇਹ ਉਦੋਂ ਤੱਕ ਨਜ਼ਰ ਨਹੀਂ ਆਵੇਗਾ ਜਦੋਂ ਤੱਕ ਕਿ ਤੁਸੀਂ ਅਗਲਾ ਅੱਖਰ ਜਿਵੇਂ ਕਿ ਕੰਨਾ (ਾਂ) ਨਹੀਂ ਪਾਉਂਦੇ। ਸੋ a ਤੋਂ ਬਾਅਦ w ਦੱਬਣ ਉਪਰੰਤ ਹੀ ਤੁਹਾਨੂੰ ਸਕਰੀਨ ਤੇ ਸ਼ਬਦ ‘ਆ’ ਲਿਖਿਆ ਹੋਇਆ ਮਿਲੇਗਾ। ਦੋਸਤੋ, ਆਸ ਹੈ ਕਿ ਉਪਰੋਕਤ ਤਰੀਕੇ ਦੀ ਵਰਤੋਂ ਕਰਕੇ ਤੁਸੀਂ ਇੰਟਰਨੈੱਟ ‘ਤੇ ਟਾਈਪ ਕਰਨ ਦੇ ਸਮਰੱਥ ਹੋ ਜਾਵੋਗੇ। 
© Copyright 2014 All Rights Reserved. Website Designed by Gurpreet Singh (Punjabi Pedia Center)