ਲੇਖ

ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਵਿੱਚ ਕੰਪਿਊਟਰ ਦਾ ਯੋਗਦਾਨ

 ਉਸ ਭਾਸ਼ਾ ਨੂੰ ਹੀ ਤਕਨੀਕੀ ਪੱਖੋਂ ਵਿਕਸਿਤ ਭਾਸ਼ਾ ਮੰਨਿਆ ਜਾਂਦਾ ਹੈ ਜਿਹੜੀ ਕੰਪਿਊਟਰ, ਇੰਟਰਨੈੱਟ, ਮੋਬਾਈਲ ਫ਼ੋਨ ਆਦਿ ਆਧੁਨਿਕ ਸੂਚਨਾ ਤਕਨਾਲੋਜੀ ਸਾਧਨਾਂ ਉੱਤੇ ਵਰਤਣੀ ਆਸਾਨ ਹੋਵੇ। ਤਕਨੀਕੀ ਜਾਂ ਕੰਪਿਊਟਰੀਕਰਨ ਪੱਖੋਂ ਪੰਜਾਬੀ ਭਾਸ਼ਾ ਅੰਗਰੇਜ਼ੀ, ਅਰਬੀ, ਚੀਨੀ, ਜਪਾਨੀ ਆਦਿ ਭਾਸ਼ਾਵਾਂ ਨਾਲੋਂ ਕੁੱਝ ਪਿਛੇ ਹੈ। ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਕਿ ਜੋ ਭਾਸ਼ਾ ਤਕਨੀਕੀ ਪੱਖੋਂ ਪਛੜ ਰਹੀ ਹੋਵੇ ਉਸ ਦੇ ਸਾਹਿਤ ਤੇ ਸਭਿਆਚਾਰ ਦੇ ਵਿਕਾਸ ਦਾ ਕੀ ਬਣੇਗਾ। ਕਿਸੇ ਖ਼ਿੱਤੇ ਦੇ ਸਾਹਿਤ ਦੇ ਵਿਕਾਸ ਦੀਆਂ ਤੰਦਾਂ ਉਸ ਦੀ ਭਾਸ਼ਾ ਨਾਲ ਜੁੜੀਆਂ ਹੋਈਆਂ ਹਨ। ਜੇਕਰ ਉਸ ਭਾਸ਼ਾ ਦਾ ਸਰਬਪੱਖੀ ਵਿਕਾਸ ਹੋਵੇਗਾ ਤਾਂ ਹੀ ਉਸ ਵਿਚ ਰਚਿਆ ਸਹਿਤ ਵੱਧ ਫ਼ੁਲ ਸਕੇਗਾ ਤੇ ਉਸ ਦਾ ਪਸਾਰ ਹੋ ਸਕੇਗਾ। ਤਕਨੀਕੀ ਪੱਖੋਂ ਸਮਰੱਥ ਜਾਂ ਕੰਪਿਊਟਰੀਕ੍ਰਿਤ ਭਾਸ਼ਾ ਹੀ ਸਾਹਿਤ ਅਤੇ ਗਿਆਨ-ਵਿਗਿਆਨ ਦੇ ਪਸਾਰ ਵਿਚ ਵਡਮੁੱਲਾ ਯੋਗਦਾਨ ਪਾ ਸਕਦੀ ਹੈ।

ਛਾਪੇਖ਼ਾਨੇ ਦਾ ਯੋਗਦਾਨ 
ਕਿਸੇ ਭਾਸ਼ਾ ਦੇ ਲਿਖਤ ਸੰਚਾਰ ਲਈ ਛਾਪੇਖ਼ਾਨੇ ਦਾ ਵੱਡਾ ਯੋਗਦਾਨ ਹੁੰਦਾ ਹੈ। ਕੰਪਿਊਟਰ ਤਕਨਾਲੋਜੀ ਦੇ ਲਗਾਤਾਰ ਵਿਕਾਸ ਕਾਰਨ ਛਾਪੇਖ਼ਾਨੇ ਦੀ ਕਾਰਜ ਪ੍ਰਣਾਲੀ ਪੂਰੀ ਤਰ੍ਹਾਂ ਬਦਲ ਗਈ ਹੈ। ਕੋਈ ਸਮਾਂ ਸੀ ਜਦੋਂ ਭਾਰੀ ਭਰਕਮ ਮਸ਼ੀਨਾਂ 'ਤੇ ਧਾਤੂ ਦੇ ਅੱਖਰਾਂ ਨੂੰ ਜੋੜ ਕੇ ਛਪਾਈ ਕੀਤੀ ਜਾਂਦੀ ਸੀ। ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਆਈ ਕੰਪਿਊਟਰ ਤਕਨਾਲੋਜੀ ਨੇ ਛਾਪੇਖ਼ਾਨੇ ਦੀ ਤਕਨੀਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਡਿਜੀਟਲ ਛਪਾਈ ਮਸ਼ੀਨਾਂ ਦੇ ਆਉਣ ਨਾਲ ਉਤਪਾਦਨ ਅਤੇ ਛਪਾਈ ਮਿਆਰ ਵਿਚ ਵਾਧਾ ਹੋਇਆ ਹੈ। ਛਪਾਈ ਦਾ ਕੰਮ ਸਸਤਾ, ਸੌਖਾ ਤੇ ਵਧੀਆ ਹੋਣ ਕਾਰਨ ਸਾਹਿਤ ਸਿਰਜਣਾ ਅਤੇ ਪਸਾਰ ਵਿਚ ਵਾਧਾ ਹੋਇਆ ਹੈ।

ਪੰਜਾਬੀ ਫੌਂਟ ਤਕਨਾਲੋਜੀ 
ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਨੂੰ ਪੰਜਾਬੀ ਫੌਂਟਾਂ ਦਾ ਪਿਤਾਮਾ ਕਿਹਾ ਜਾਂਦਾ ਹੈ। ਡਾ. ਥਿੰਦ ਨੇ ਸਭ ਤੋਂ ਪਹਿਲਾਂ 1984 ਵਿਚ ਕੰਪਿਊਟਰ ਫੌਂਟ ਤਿਆਰ ਕੀਤੇ। ਇਸ ਤੋਂ ਬਾਅਦ ਨਵੇਂ ਤੇ ਸਜਾਵਟੀ ਦਿੱਖ ਵਾਲੇ ਫੌਂਟ ਤਿਆਰ ਕਰਨ 'ਚ ਕਈ ਮਾਹਿਰਾਂ ਨੇ ਕੰਮ ਕੀਤਾ। ਫੌਂਟ ਤਕਨਾਲੋਜੀ ਦੇ ਵਿਕਾਸ ਨਾਲ ਪੰਜਾਬੀ ਅਖ਼ਬਾਰਾਂ, ਰਸਾਲੇ, ਪੁਸਤਕਾਂ ਆਦਿ ਨਵੀਂ ਨੁਹਾਰ ਵਿਚ ਪ੍ਰਕਾਸ਼ਿਤ ਹੋਣੇ ਸੰਭਵ ਹੋਏ ਹਨ।

ਯੂਨੀਕੋਡ ਪ੍ਰਣਾਲੀ ਦਾ ਵਿਕਾਸ 
ਰਵਾਇਤੀ (ਆਸਕੀ ਅਧਾਰਿਤ) ਫੌਂਟਾਂ ਦੀ ਆਪਸੀ (ਮੈਪਿੰਗ) ਭਿੰਨਤਾ ਕਾਰਨ ਪੰਜਾਬੀ ਸਮੇਤ ਹੋਰਨਾਂ ਅਨੇਕਾਂ ਖੇਤਰੀ ਭਾਸ਼ਾਵਾਂ ਵਿਚ ਟਾਈਪ ਕਰਨ ਦੀ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਦੇ ਹੱਲ ਲਈ ਕੰਪਿਊਟਰ ਵਿਗਿਆਨੀਆਂ ਨੇ ਇੱਕ ਨਵੀਂ ਕੋਡ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਨੂੰ ਯੂਨੀਕੋਡ ਦਾ ਨਾਮ ਦਿੱਤਾ ਗਿਆ ਹੈ।ਫੌਂਟਾਂ ਦੀ ਅੰਤਰਰਾਸ਼ਟਰੀ ਯੂਨੀਕੋਡ ਤਕਨਾਲੋਜੀ ਵਿਕਸਿਤ ਹੋਣ ਨਾਲ ਹੁਣ ਕਿਸੇ ਵੀ ਮੈਟਰ ਨੂੰ ਇੰਟਰਨੈੱਟ ਉੱਤੇ ਚਾੜ੍ਹਨਾ ਤੇ ਦੇਖਣਾ ਸੁਖਾਲਾ ਹੋ ਗਿਆ ਹੈ। ਯੂਨੀਕੋਡ (ਰਾਵੀ) ਫੌਂਟ ਹਰੇਕ ਕੰਪਿਊਟਰ ਵਿਚ ਪਹਿਲਾਂ ਹੀ ਮੌਜੂਦ ਹੁੰਦਾ ਹੈ। ਯੂਨੀਕੋਡ ਵਿਚ ਤਿਆਰ ਕੀਤਾ ਦਸਤਾਵੇਜ਼ ਦੁਨੀਆ ਦੇ ਕਿਸੇ ਵੀ ਕੰਪਿਊਟਰ 'ਤੇ ਵੇਖਿਆ ਜਾ ਸਕਦਾ ਹੈ।

ਕੀਬੋਰਡ ਲੇਆਉਟ    
ਕੰਪਿਊਟਰ 'ਤੇ ਕਿਸੇ ਭਾਸ਼ਾ ਨੂੰ ਲਿਖਣ ਲਈ ਕੀਬੋਰਡ ਲੇਆਉਟ (ਖ਼ਾਕੇ) ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਕਿਸੇ ਭਾਸ਼ਾ ਦਾ ਕੀਬੋਰਡ ਲੇਆਉਟ ਆਸਾਨ ਤੇ ਮਿਆਰੀ ਹੋਵੇਗਾ ਤਾਂ ਨਿਸ਼ਚਿਤ ਹੀ ਉਸ ਦੇ ਭਾਸ਼ਾਈ ਅਤੇ ਸਾਹਿਤਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ। 

ਕੰਪਿਊਟਰ 'ਤੇ ਪੰਜਾਬੀ ਟਾਈਪ ਕਰਨ ਲਈ ਅਨੇਕਾਂ ਕੀਬੋਰਡ ਲੇਆਉਟ ਪ੍ਰਚਲਿਤ ਹਨ।
•    ਫੋਨੈਟਿਕ ਕੀਬੋਰਡ
•    ਰਮਿੰਗਟਨ ਕੀਬੋਰਡ
•    ਇਨਸਕਰਿਪਟ ਕੀਬੋਰਡ

ਟਾਈਪਿੰਗ ਸੁਵਿਧਾਵਾਂ ਅਤੇ ਵਰਡ ਪ੍ਰੋਸੈੱਸਰ
    
ਪੰਜਾਬੀ ਭਾਸ਼ਾ ਵਿਚ ਟਾਈਪ ਕਰਨ ਲਈ ਅਨੇਕਾਂ ਟਾਈਪਿੰਗ ਸੁਵਿਧਾਵਾਂ ਅਤੇ ਵਰਡ ਪ੍ਰੋਸੈੱਸਰ ਪ੍ਰੋਗਰਾਮ ਬਣ ਚੁੱਕੇ ਹਨ। ਕੋਈ ਵਰਤੋਂਕਾਰ ਫੋਨੈਟਿਕ ਜਾਂ ਰਮਿੰਗਟਨ ਕੀਬੋਰਡ ਲੇਆਉਟ ਵਰਤ ਕੇ ਯੂਨੀਕੋਡ ਜਾਂ ਰਵਾਇਤੀ ਫੌਂਟ ਵਿਚ ਸਿੱਧਾ ਟਾਈਪ ਕਰ ਸਕਦਾ ਹੈ। ਵਰਤੋਂਕਾਰ ਅੱਖਰ, ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ, ਕੁਇੱਲ ਪੈਡ, ਗੂਗਲ ਲਿਪੀਅੰਤਰਨ ਸੁਵਿਧਾ, ਪੰਜਾਬੀ ਟਾਈਪਿੰਗ ਪੈਡ, ਪੰਜਾਬੀ ਪੈਡ, ਬਰਾਹਾ ਆਦਿ ਕੰਪਿਊਟਰ ਪ੍ਰੋਗਰਾਮਾਂ ਦੀ ਮਦਦ ਨਾਲ ਟਾਈਪ ਦਾ ਕੰਮ ਕਰ ਸਕਦਾ ਹੈ। ਪੰਜਾਬੀ ਟਾਈਪਿੰਗ ਦੇ ਗੁਰ ਸਿੱਖਣ ਅਤੇ ਰਫ਼ਤਾਰ ਵਿਚ ਵਾਧਾ ਕਰਨ ਲਈ ਟਾਈਪਿੰਗ ਟਿਊਟਰ ਵੀ ਤਿਆਰ ਹੋ ਚੁੱਕੇ ਹਨ। 

ਫੌਂਟ ਕਨਵਰਟਰ
ਪੰਜਾਬੀ ਦੇ ਵੱਖ-ਵੱਖ ਫੌਂਟਾਂ ਵਿਚਲੀ ਭਿੰਨਤਾਵਾਂ ਨਾਲ ਨਜਿੱਠਣ ਲਈ ਫੌਂਟ ਕਨਵਰਟਰ ਨਾਂ ਦੇ ਪ੍ਰੋਗਰਾਮਾਂ ਦਾ ਵਿਕਾਸ ਕੀਤਾ ਗਿਆ ਹੈ। ਇਨ੍ਹਾਂ ਪ੍ਰੋਗਰਾਮ ਦੀ ਮਦਦ ਨਾਲ ਇੱਕ ਫੌਂਟ ਵਿਚ ਤਿਆਰ ਕੀਤੇ ਮੈਟਰ ਨੂੰ ਦੂਸਰੇ ਫੌਂਟ ਵਿਚ ਪਲਟਿਆ ਜਾ ਸਕਦਾ ਹੈ। ਫੌਂਟ ਕਨਵਰਟਰ ਪ੍ਰੋਗਰਾਮ ਦੇ ਮੋਢੀ ਸ. ਜਨਮੇਜਾ ਸਿੰਘ ਜੌਹਲ ਦਾ ਪ੍ਰੋਗਰਾਮ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਤਿਆਰ ਕੀਤੇ ਪ੍ਰੋਗਰਾਮ ਨੂੰ ਆਨ-ਲਾਈਨ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਪੰਜਾਬੀ ਰਿਸੋਰਸ ਸੈਂਟਰ ਦਾ ''ਗੁੱਕਾ'' ਪ੍ਰੋਗਰਾਮ ਮੁਫਤ ਵਿਚ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ।

ਸ਼ਬਦ-ਕੋਸ਼
    
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰ 'ਚ ਕੰਪਿਊਟਰ 'ਤੇ ਉਪਲਬਧ ਸ਼ਬਦ-ਕੋਸ਼ਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਅਤੇ ਆਨ-ਲਾਈਨ ਕੀਤੇ ਅੰਗਰੇਜ਼ੀ-ਪੰਜਾਬੀ ਕੋਸ਼ ਤੋਂ ਆਮ ਬੋਲ-ਚਾਲ ਵਾਲੇ ਕੰਪਿਊਟਰ ਅਤੇ ਤਕਨੀਕੀ ਸ਼ਬਦਾਂ ਦੇ ਅਰਥ ਵੀ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮਹਾਨ ਕੋਸ਼ (ਡਾਊਨਲੋਡ), ਪੰਜਾਬੀ ਯੂਨੀਵਰਸਿਟੀ ਦੀ ਟੌਪਿਕ ਡਿਕਸ਼ਨਰੀ ਅਤੇ ਗੁਰਮੁਖੀ-ਸ਼ਾਹਮੁਖੀ-ਅੰਗਰੇਜ਼ੀ ਡਿਕਸ਼ਨਰੀ ਨੂੰ ਸਬੰਧਿਤ ਵੈੱਬਸਾਈਟਾਂ ਤੋਂ ਵਰਤਿਆ ਜਾ ਸਕਦਾ ਹੈ।

ਪੰਜਾਬੀ ਸਿੱਖਣ ਲਈ ਪ੍ਰੋਗਰਾਮ
    
ਬਾਹਰਲੇ ਸੂਬਿਆਂ ਅਤੇ ਖਾਸ ਤੌਰ 'ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਭਾਸ਼ਾ ਅਤੇ ਸਾਹਿਤ ਤੋਂ ਮੂੰਹ ਮੋੜ ਰਹੇ ਹਨ। ਉੱਥੇ ਮਾਤ-ਭਾਸ਼ਾ ਸਿਖਾਉਣ ਵਾਲਾ ਕੋਈ ਨਾਂ ਹੋਣ ਕਾਰਨ ਵੈੱਬਸਾਈਟਾਂ ਅਤੇ ਲਰਨਿੰਗ ਪ੍ਰੋਗਰਾਮ ਇੱਕ ਚੰਗੇ ਪੰਜਾਬੀ ਅਧਿਆਪਕ ਦਾ ਕੰਮ ਕਰ ਰਹੇ ਹਨ। ਅੰਗਰੇਜ਼ੀ ਭਾਸ਼ਾ ਰਾਹੀਂ ਪੰਜਾਬੀ ਸਿਖਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ, ਮਾਂ ਡਾਟ ਕਾਮ 'ਤੇ ਗੁਰਮੁਖੀ ਵਰਨਮਾਲਾ ਬਾਰੇ ਆਡੀਓ ਰਿਕਾਰਡਿੰਗ, ਸਿੱਖ ਪੁਆਇੰਟ 'ਤੇ ਪੰਜਾਬੀ ਸਿੱਖਣ ਲਈ ਦਿਲਚਸਪ ਗੇਮਾਂ, ਪੰਜਾਬ ਆਨ-ਲਾਈਨ 'ਤੇ ਮਹੱਤਵਪੂਰਨ ਜਾਣਕਾਰੀ, 5-ਆਬੀ ਡਾਟ ਕਾਮ ਅਤੇ ਸਿੱਖ ਲਿੰਕ 'ਤੇ ਪੰਜਾਬੀ ਪਾਠ, ਰਾਜ ਕਰੇਗਾ ਖ਼ਾਲਸਾ ਅਤੇ ਪਾਲ ਗਰੋਸ ਦੀ ਵੈੱਬਸਾਈਟ 'ਤੇ ਦਰਜ ਪੰਜਾਬੀ ਪਾਠਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਲਿਪੀਅੰਤਰਨ (ਟਰਾਂਸਲਿਟਰੇਸ਼ਨ) ਪ੍ਰੋਗਰਾਮ    
 ਪੰਜਾਬੀ ਜ਼ੁਬਾਨ ਦੀਆਂ ਦੋ ਲਿਪੀਆਂ ਪ੍ਰਚਲਿਤ ਹਨ ਜਿਸ ਕਾਰਨ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ। ਇਹਨਾਂ ਲਿਪੀ ਦੀਆਂ ਕੰਧਾਂ ਨੂੰ ਮਾਊਸ ਕਲਿੱਕ ਰਾਹੀਂ ਢਹਿ ਢੇਰੀ ਕਰਨ ਵਾਲੇ (ਲਿਪੀਅੰਤਰਨ) ਪ੍ਰੋਗਰਾਮ ਵਿਕਸਿਤ ਹੋ ਚੁੱਕੇ ਹਨ। ਕੰਪਿਊਟਰ ਪ੍ਰੋਗਰਾਮਾਂ ਰਾਹੀਂ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਅਤੇ ਰੋਮਨ ਲਿਪੀ ਦਰਮਿਆਨ ਬਦਲਾਅ ਕਰਨਾ ਆਸਾਨ ਹੋ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਸ਼ਾਹਮੁਖੀ-ਗੁਰਮੁਖੀ ਅਤੇ ਹਿੰਦੀ-ਉਰਦੂ ਦਰਮਿਆਨ ਲਿਪੀਅੰਤਰ ਕਰਨ ਦੀ ਸੁਵਿਧਾ ਸ਼ੁਮਾਰ ਹੈ। ਸੀਡੈਕ ਦੁਆਰਾ ਵਿਕਸਿਤ ਕੀਤਾ ਗੁਰਮੁਖੀ-ਸ਼ਾਹਮੁਖੀ ਦਰਮਿਆਨ ਲਿਪੀਅੰਤਰਨ ਕਰਨ ਵਾਲਾ ਪ੍ਰੋਗਰਾਮ ਵੀ ਇੱਕ ਵੈੱਬਸਾਈਟ ਉੱਤੇ ਉਪਲਬਧ ਹੈ। ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਗੁਰਮੁਖੀ-ਦੇਵਨਾਗਰੀ ਵਿਚ ਲਿਪੀਅੰਤਰਨ ਕਰਨ ਦੀ ਸੁਵਿਧਾ ਵਰਤੀ ਜਾ ਸਕਦੀ ਹੈ।

ਪੰਜਾਬੀ ਅਨੁਵਾਦ (ਟਰਾਂਸਲੇਸ਼ਨ) ਪ੍ਰੋਗਰਾਮ
    
ਕੰਪਿਊਟਰ ਰਾਹੀਂ ਅਨੁਵਾਦ ਕਰਨ ਵਾਲੇ ਪ੍ਰੋਗਰਾਮਾਂ ਨੇ ਭਾਸ਼ਾ ਅਤੇ ਸਾਹਿਤ ਦੇ ਪਸਾਰ ਨੂੰ ਵਿਕਾਸ ਦੀਆ ਬੁਲੰਦੀਆਂ 'ਤੇ ਪਹੁੰਚਾਇਆ ਹੈ। ਸਭ ਤੋਂ ਪਹਿਲਾ ਪੰਜਾਬੀ ਤੋਂ ਹਿੰਦੀ ਅਨੁਵਾਦ ਪ੍ਰੋਗਰਾਮ (ਸੰਪਰਕ) ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ (IIIT) ਹੈਦਰਾਬਾਦ ਦੁਆਰਾ ਤਿਆਰ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਨੇ ਹਿੰਦੀ ਤੋਂ ਪੰਜਾਬੀ ਅਤੇ ਇਸ ਦੇ ਉਲਟ ਅਨੁਵਾਦ ਕਰਨ ਵਾਲੇ ਪ੍ਰੋਗਰਾਮਾਂ ਦਾ ਵਿਕਾਸ ਕੀਤਾ ਹੈ ਜੋ ਕਿ ਪੰਜਾਬੀ ਲਈ ਬਣੇ ਕੰਪਿਊਟਰ ਖੋਜ ਕੇਂਦਰ ਦੀ ਵੈੱਬਸਾਈਟ ਤੋਂ ਵਰਤੇ ਜਾ ਸਕਦੇ ਹਨ। ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਲਈ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਨਵੀਂ ਦਿੱਲੀ ਨੇ ਵਧੀਆ ਉਪਰਾਲਾ ਕੀਤਾ ਹੈ।

ਗੁਰਬਾਣੀ 
    
ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਅਤੇ ਇੰਟਰਨੈੱਟ ਸਮੇਂ ਦੇ ਹਾਣੀ ਬਣ ਕੇ ਸਾਹਮਣੇ ਆਏ ਹਨ। ਗੁਰਬਾਣੀ ਅਤੇ ਸਿੱਖ ਧਰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਅਨੇਕਾਂ ਵੈੱਬਸਾਈਟਾਂ ਅਤੇ ਸਾਫ਼ਟਵੇਅਰਾਂ ਦਾ ਵਿਕਾਸ ਹੋ ਚੁੱਕਾ ਹੈ। 
    
ਅਸਟਰੇਲੀਆ ਦੇ ਸ. ਬਲਵੰਤ ਸਿੰਘ ਉੱਪਲ ਅਤੇ ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਨੇ ਗੁਰਬਾਣੀ ਦਾ ਕੰਪਿਊਟਰੀਕਰਨ ਕਰਨ 'ਚ ਸ਼ਲਾਘਾਯੋਗ ਕੰਮ ਕੀਤਾ ਹੈ। ਡਾ. ਥਿੰਦ ਦਾ ਗੁਰਬਾਣੀ ਲਈ ਬਣਾਇਆ ਗਿਆ ਡਾਟਾਬੇਸ ਕਈ ਵੈੱਬਸਾਈਟ ਅਤੇ ਪ੍ਰੋਗਰਾਮ ਘਾੜੂਆਂ ਦੁਆਰਾ ਵਰਤਿਆ ਜਾ ਰਿਹਾ ਹੈ।
    
ਗੁਰਬਾਣੀ ਦੀ ਕੋਈ ਵੀ ਤੁਕ, ਸ਼ਬਦ, ਵਾਕਾਂਸ਼ ਆਦਿ ਬਾਰੇ ਜਾਣਕਾਰੀ ਦੇਣ ਵਾਲੇ ਸਰਚ ਇੰਜਨ ਨੂੰ ''ਸ੍ਰੀ ਗ੍ਰੰਥ'' ਵੈੱਬਸਾਈਟ ਤੋਂ ਵਰਤਿਆ ਜਾ ਸਕਦਾ ਹੈ। ''ਆਈ ਕੇ 13' 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਟੀਕੇ, ਵਾਰਾਂ, ਭਾਈ ਗੁਰਦਾਸ ਜੀ ਦਾ ਕਬਿੱਤ, ਮਹਾਨ ਕੋਸ਼, ਫ਼ਰੀਦਕੋਟ ਵਾਲਾ ਟੀਕਾ, ਭਾਈ ਸੰਤੋਖ ਸਿੰਘ ਦਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਗਿਆਨੀ ਗਿਆਨ ਸਿੰਘ ਦਾ ਤਵਾਰੀਖ ਗੁਰੂ ਖ਼ਾਲਸਾ ਆਦਿ ਸਰੋਤ ਉਪਲਬਧ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ 'ਤੇ ਵੀ ਅਮੁੱਲ ਜਾਣਕਾਰੀ ਉਪਲਬਧ ਹੈ। 

ਨਾਕਾਰਾਤਮਕ ਪਹਿਲੂ
    
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰ ਵਿਚ ਕੰਪਿਊਟਰ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਤਕਨੀਕ ਦੀ ਦੁਰਵਰਤੋਂ ਕਾਰਨ ਕੁੱਝ ਨਕਾਰਾਤਮਿਕ ਪਹਿਲੂ ਵੀ ਸਾਹਮਣੇ ਆਏ ਹਨ। 
    
ਪ੍ਰਿੰਟ ਤਕਨਾਲੋਜੀ ਵਿਚ ਵਿਕਾਸ ਹੋਣ ਨਾਲ ਪ੍ਰਕਾਸ਼ਨਾਂ ਦਾ ਕੰਮ ਸੌਖਾ ਤੇ ਸਸਤਾ ਹੋ ਗਿਆ ਜਿਸ ਕਾਰਨ ਪੁਸਤਕਾਂ ਦੀ ਛਪਣ ਗਿਣਤੀ ਵਿਚ ਰਿਕਾਰਡ ਤੋੜ ਵਾਧਾ ਹੋਇਆ ਪਰ ਇਸ ਨਾਲ ਸਾਹਿਤ ਦੇ ਮਿਆਰ ਵਿਚ ਵੀ ਗਿਰਾਵਟ ਆਈ ਹੈ। ਜਿਹੜੇ ਪ੍ਰਕਾਸ਼ਕ ਪਹਿਲਾਂ ਆਪਣੇ ਪੱਲਿਓਂ ਪੈਸੇ ਲਾ ਕੇ ਨਾਮਵਰ ਸਾਹਿਤਕਾਰਾਂ ਦੀਆਂ ਪੁਸਤਕਾਂ ਛਾਪਦੇ ਸਨ, ਉਨ੍ਹਾਂ ਵਿਚੋਂ ਕਈਆਂ ਨੇ ਆਪਣੀਆਂ ਆਰਥਿਕ ਨੀਤੀਆਂ ਵਿਚ ਪਰਿਵਰਤਨ ਕੀਤਾ ਹੈ। 
    
ਇੰਟਰਨੈੱਟ ਇੱਕ ਸੁਤੰਤਰ ਨੈੱਟਵਰਕ ਹੈ। ਇਸ 'ਤੇ ਕੋਈ ਵੀ ਆਪਣੀ ਰਚਨਾ ਪਾ ਸਕਦਾ ਹੈ। ਜਿਸ ਕਾਰਨ ਕਈ ਵਾਰ ਨੈੱਟ 'ਤੇ ਕੱਚ ਘਰੜ ਤੇ ਗੈਰ ਮਿਆਰੀ ਸਾਹਿਤਕ ਰਚਨਾਵਾਂ ਚੜ੍ਹਾ ਦਿੱਤੀਆ ਜਾਂਦੀਆਂ ਹਨ। ਇਸ ਨਾਲ ਇੰਟਰਨੈੱਟ ਦੀ ਭਰੋਸੇਯੋਗਤਾ 'ਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੈ। ਕਈ ਸਮਾਜਿਕ ਨੈੱਟਵਰਕ ਸਾਈਟਾਂ ਅਤੇ ਹੋਰ ਮਹੱਤਵਪੂਰਨ ਵਿਸ਼ਵ ਕੋਸ਼ਾਂ ਵਿਚ ਕਾਂਟ-ਛਾਂਟ (ਐਡਿਟ) ਕਰਨ ਦਾ ਅਧਿਕਾਰ ਪਾਠਕਾਂ ਨੂੰ ਦਿੱਤਾ ਗਿਆ ਹੈ ਜਿਸ ਕਾਰਨ ਸਾਹਿਤਿਕ ਰਚਨਾਵਾਂ ਵਿਚ ਬੇਲੋੜੀ ਛੇੜਛਾੜ ਕੀਤੀ ਜਾ ਰਹੀ ਹੈ। ਜੇਕਰ ਅਜਿਹੇ ਕਾਰਨਾਮਿਆਂ 'ਤੇ ਲਗਾਮ ਕੱਸੀ ਤਾਂ ਇਸ ਦੇ ਬੜੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
    
ਭਾਵੇਂ ਕਿ ਇੰਟਰਨੈੱਟ ਰਾਹੀਂ ਆਦਾਨ-ਪ੍ਰਦਾਨ ਹੋਣ ਨਾਲ ਸੰਚਾਰ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ ਹੈ ਪਰ ਗਹਿਰ ਜਾਂ ਲੰਬੇ ਸਮੇਂ ਦੇ ਅਧਿਐਨ ਲਈ ਕੰਪਿਊਟਰ ਸਕਰੀਨ 'ਤੇ ਨਹੀਂ ਪੜ੍ਹਿਆ ਜਾ ਸਕਦਾ ਸਗੋਂ ਪ੍ਰਿੰਟ ਕਾਪੀ ਨੂੰ ਹੀ ਤਰਜ਼ੀਹ ਦਿੱਤੀ ਜਾਂਦੀ ਹੈ।
ਲੇਖਕ : ਸੀ. ਪੀ. ਕੰਬੋਜ ;   ਪ੍ਰਕਾਸ਼ਨਾ/ਸਰੋਤ : (suhisaver.org - 08/08/2012 )
ਪੋਸਟ ਕਰਤਾ : ਸੀ. ਪੀ. ਕੰਬੋਜ ;   4 ਸਾਲ ਪਹਿਲਾਂ
© Copyright 2014 All Rights Reserved. Website Designed by Gurpreet Singh (Punjabi Pedia Center)